Skip to main content

ਅਧਿਆਇ ੧: ਪ੍ਰਛਾਵੇਂ ਅਤੇ ਬਚਾਅ ਦੀ ਅਨੌਖੀ ਖੇਡ



ਲਗਭਗ ੧੮-੧੯ ਸਾਲਾਂ ਦਾ ਮੁੱਛ-ਫੁੱਟ ਨੌਜਵਾਨ ਬੇਤਹਾਸ਼ਾ ਭੱਜ ਰਿਹਾ ਸੀ । ਉਸਦੀ ਪੱਗ ਉਸ ਨੂੰ ਭੀੜ ਤੋਂ ਵੱਖਰਾ ਕਰ ਰਹੀ ਸੀ । ਉਹ ਲੋਕਾਂ ਦੀ ਭੀੜ ਨੂੰ ਚੀਰ ਦਾ ਹੋਇਆ, ਆਵਾਜ਼ਾਈ ਦੇ ਸਾਧਨਾਂ ਦੀ ਬਿਨਾਂ ਪ੍ਰਵਾਹ ਕੀਤੇ, ਉਹਨਾਂ ਅੱਗੋਂ ਇੰਜ ਗੁਜਰਿਆ ਜਿਵੇਂ ਮੌਤ ਨੂੰ ਚਕਮਾ ਦੇ ਕੇ ਭੱਜਿਆ ਹੋਵੇ । ਕਦੇ ਭੀੜ ਤੋਂ ਹੁੰਦਾ ਹੋਇਆ, ਕਦੇ ਸੁੰਨਸਾਨ ਗਲੀਆਂ ਵਿੱਚ ਦੀ ਹੁੰਦਾ ਹੋਇਆ, ਬੱਸ ਓਹ ਬੇਤਹਾਸ਼ਾ ਭੱਜ ਰਿਹਾ ਸੀ । ਫਿਰ ਉਹ ਇੱਕ ਗੈਰਾਜ ਅੱਗੇ ਜਾ ਕੇ ਰੁੱਕ ਗਿਆ । ਗੈਰਾਜ ਖ਼ਾਲੀ ਸੀ ‘ਤੇ ਚਾਰ ਚੁਫੇਰੇ ਚੁੱਪ ਪਸਰੀ ਹੋਈ ਸੀ। ਉਸਨੂੰ ਆਪਣੇ ਹਾਂਫਦੇ ਹੋਏ ਸਾਹਾਂ ਦੀ ਆਵਾਜ਼ ਦੇ ਇਲਾਵਾ ਕੁੱਝ ਨਹੀਂ ਸੁਣਾਈ ਦੇ ਰਿਹਾ ਸੀ। ਓਹ ਜਲਦੀ ਨਾਲ ਗੈਰਾਜ ਅੰਦਰ ਵੜਿਆ ਤੇ ਆਲੇ ਦੁਆਲੇ ਦੀਆਂ ਕਾਰਾਂ ਦਾ ਤਾਲਾ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਿਆ, ਪਰ ਸੁਭਾਵਿਕ ਤੌਰ ਤੇ ਕਾਰਾਂ ਤਾਲਾਬੰਦ ਸਨ । ਇਕ ਤੋਂ ਬਾਦ ਇੱਕ ਜਾਂਚ ਕਰਦਿਆਂ ਉਹ ਹਤਾਸ਼ ਹੋ ਗਿਆ । ਗੁੱਸੇ ਵਿੱਚ ਓਹ ਇੱਕ ਕਾਰ ਦੇ ਕਿੱਕ ਮਾਰ ਦਾ ਤਾਂ ਉਸ ਨੂੰ ਕਾਰ ਦੇ ਪਿਛਲੀ ਪਾਸੇ ਕੁੱਝ ਆਵਾਜ਼ ਸੁਣਾਈ ਦਿੰਦੀ ਹੈ। ਓਹ ਬਿਨਾਂ ਵਕਤ ਜਾਇਆ ਕਰੇ, ਕਾਰ ਦੇ ਪਿਛਲੇ ਪਾਸੇ ਵਲ ਆਇਆ ਤੇ ਦੇਖਦਾ ਹੈ ਕਿ ਕਾਰ ਦੀ ਡਿੱਗੀ ਵਿੱਚ ਥੋੜ੍ਹਾ ਜਿਹਾ ਸੰਨ੍ਹ ਪਿਆ ਹੋਇਆ, ਸ਼ਾਇਦ ਉਸਦਾ ਤਾਲਾ ਸਹੀ ਢੰਗ ਨਾਲ ਲਗਿਆ ਨਹੀਂ ਸੀ, ਜੋ ਉਸਦੇ ਕਿੱਕ ਦੀ ਸੱਟ ਲੱਗਣ ਨਾਲ ਖੁੱਲ ਗਿਆ ਹੋਵੇ, ਪਰ ਉਸ ਨੂੰ ਲੱਗਿਆ ਜਿਵੇਂ ਉਸ ਦੀ ਕਿਸਮਤ ਨੇ ਓਸ ਦਾ ਹੱਥ ਫੜ ਰਾਹ ਦਿਖਾਇਆ ਹੋਵੇ? ਓਸਨੇ ਬਿਨਾਂ ਕੁੱਝ ਸੋਚੇ, ਡਿੱਗੀ ਖੋਲ੍ਹੀ ਤੇ ਉਸ ਵਿੱਚ ਕੁੱਦ ਗਿਆ। ਅਗਲੇ ਛਣ ਉਹਨੇ ਇੱਕੋ ਝਟਕੇ ਨਾਲ ਡਿੱਗੀ ਦਾ ਢੱਕਣ ਬੰਦ ਕਰ ਲਿਆ । 
ਡਿੱਗੀ ਦਾ ਢੱਕਣ ਬੰਦ ਹੁੰਦੇ ਹੀ ਅੰਦਰ ਹਨੇਰਾ ਪਸਰ ਗਿਆ, ਪਰ ਫਿਲਹਾਲ ਉਸਨੂੰ ਕੋਈ ਪਰਵਾਹ ਨਹੀਂ ਰਹੀ। ਉਸਨੂੰ ਇੱਕ ਲੁਕਣ ਲਈ ਟਿਕਾਣਾ ਚਾਹੀਦਾ ਸੀ, ਜੋ ਕਿ ਉਸਨੂੰ ਮਿਲ ਗਿਆ ਸੀ। ਇਸਦੇ ਨਾਲ ਹੀ ਹੁਣ ਉਸ ਨੂੰ ਲਗ ਰਿਹਾ ਸੀ ਕਿ ਜਿਵੇਂ ਕਿਸਮਤ ਉਸਦੇ ਨਾਲ ਹੋਵੇ। ਹੁਣ ਉਹ ਖੁੱਦ ਨੂੰ ਪਹਿਲਾਂ ਤੋਂ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ। 

ਫਿਰ ਉਸ ਨੇ ਦੂਰੋਂ ਆਉਂਦੀਆਂ ਬੂਟਾਂ ਦੀਆਂ ਆਵਾਜ਼ਾਂ ਸੁਣੀਆਂ, ਜੋ ਹੌਲੀ-ਹੌਲੀ ਨੇੜੇ ਆਉਂਦੀਆਂ ਜਾ ਰਹੀਆਂ ਸੀ। ਸ਼ਾਇਦ ਏਹ ਓਹੀ ਸਨ ਜੋ ਉਸ ਨੂੰ ਲੱਭ ਰਹੇ ਸੀ। 
"ਅਬੇ! ਵੋ ਕਿਧਰ ਗਿਆ?" ਇੱਕ ਹਾਂਫ਼ਦੇ ਹੋਏ ਚੀਖਿਆ। 
"ਸਾਲੇ! ਤੂ ਸਬਸੇ ਆਗੇ ਥਾ। ਹਮ ਸੇ ਕਿਆ ਪੂਛ ਰਹਾ ਹੈ?" ਦੂਜਾ ਗੁੱਸੇ ਵਿੱਚ ਭੌਂਕਿਆ। 
"ਅਰੇ! ਕੁਤੋਂ ਕੀ ਤਰ੍ਹਾ ਲੜਨਾ ਬੰਦ ਕਰੋ,ਔਰ ਜਲਦੀ ਸਭ ਜਗ੍ਹਾ ਡੂੰਡੋ!" ਤੀਜਾ ਉਹਨਾਂ ਨੂੰ ਚੁੱਪ ਕਰਵਾਉਣ ਦੇ ਲਹਿਜੇ ਵਿਚ ਬੋਲਿਆ।
"ਇਨ ਕਾਰੋਂ ਮੇਂ ਨਾ ਕਹੀਂ ਛੁਪਾ ਬੈਠਾ ਹੋ!" ਇੱਕ ਨੇ ਕਾਰ ਦੀ ਬਾਰੀ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ।
"ਸਹੀ ਬੋਲ ਰਹੇ ਹੋ, ਔਰ! ਇਤਨੀ ਜਲਦੀ ਜਾਏਗਾ ਕਹਾਂ?" ਦੂਜੇ ਨੇ ਹਾਮੀ ਭਰ ਦੇ ਕਿਹਾ।
ਫਿਰ ਓਸਨੇ ਉਹਨਾਂ ਨੂੰ ਕਾਰਾਂ ਦੇ ਦਰਵਾਜ਼ਿਆਂ ਦੇ ਤਾਲਾ ਜਾਂਚ ਕਰਦੇ ਤੇ ਇਧਰ-ਉਧਰ ਘੁੰਮਦੇ ਬੂਟਾਂ ਦੀ ਅਵਾਜ ਸੁਣੀ। ਡਿੱਗੀ ਵਿੱਚ ਓਹ ਖਾਮੋਸ਼ ਸੀ, ਤੇ ਨਾਲ ਹੀ ਨਾਲ ਉਹਨਾਂ ਦੀ ਗੱਲਾਂ ਸੁਣ ਮਨ ਹੀ ਮਨ ਹੱਸ ਰਿਹਾ ਸੀ। ਓਸ ਸਮੇਂ ਇੰਝ ਲੱਗ ਰਿਹਾ ਸੀ, ਜਿਵੇਂ ਕੋਈ ਇਸ ਜ਼ਿੰਦਗੀ-ਮੌਤ ਦੀ ਖੇਡ ਨਾਲੋਂ ਲੁਕਣ-ਮੀਚੀ ਦਾ ਅਨੰਦ ਲੈ ਰਿਹਾ ਹੋਵੇ । 
ਫਿਰ ਉਸਨੇ ਉਨ੍ਹਾਂ ਵਿੱਚੋਂ ਇੱਕ ਨੂੰ ਦੂਰ ਬੁੜਬੁੜਾਉਂਦੇ ਸੁਣੀਆ "ਇਧਰ ਰਸਤਾ ਹੈ, ਵੋ ਇਧਰ ਸੇ ਨਿਕਲ ਗਿਆ ਹੋਗਾ। ਜਲਦੀ ਇਸ ਔਰ ਚਲੋ।" 
"ਬਾਗ ਲੇਨੇ ਦੇ ਜਿਤਨਾ ਬਾਗ ਸਕਤਾ। ਮੈਨੇ ਬਾਈ ਕੋ ਬੋਲ ਦੀਆ ਹੈ। ਅਭੀ ਤੋ ਅਪਣੇ ਲੋਗ ਪੂਰੇ ਸ਼ਹਿਰ ਮੇਂ ਨਿਕਲ ਪੜੇ ਹੋਂਗੇ…" ਓਸਨੇ ਇੱਕ ਹੋਰ ਆਵਾਜ਼ ਮੱਧਮ ਹੁੰਦੀ ਹੋਈ ਜਿਹੀ ਸੁਣੀ। ਇਸਦੇ ਨਾਲ ਹੀ ਉਨ੍ਹਾਂ ਦੇ ਕਦਮਾਂ ਅਤੇ ਆਵਾਜ਼ਾਂ ਮੱਧਮ ਪੈ ਗਈਆਂ।  
ਡਿੱਗੀ ਵਿੱਚ ਓਸਨੇ ਇੱਕ ਵਿਅੰਗਮਈ ਲਹਿਜ਼ੇ ਨਾਲ ਖੁਦ ਨੂੰ ਕਿਹਾ, "ਐਤਕੀਂ ਪਤੰਦਰਾ! ਕੋਈ ਵੱਡਾ ਹੀ ਸਿਆਪਾ ਮੁੱਲ ਲੈ ਲਿਆ। ਪਰ ਕੋਈ ਨਾ, ਸਿਆਣੇ ਕਹਿੰਦੇ ਆ, "ਉਖਲੀ ਵਿੱਚ ਸਿਰ ਦੇ ਕੇ ਮੋਹਲਿਆਂ ਤੋਂ ਕੀ ਡਰਨਾ।" 

ਫਿਰ ਉਸਨੇ ਬਾਹਰ ਨਿਕਲ ਬਾਰੇ ਸੋਚਿਆ, ਪਰ ਡਿੱਗੀ ਤਾਲਾਬੰਦ ਸੀ, ਉਸਦਾ ਤਾਲਾ ਤੋੜਨਾ ਤੇ ਖੜ੍ਹਕਾ ਕਰਨਾ ਜੋਖਮ ਵਾਲਾ ਹੋ ਸਕਦਾ ਸੀ, ਨਾਲੇ ਓਹ ਕਹਿ ਰਹੇ ਸੀ ਉਹਨਾਂ ਦੇ ਗੈਂਗ ਵੀ ਉਸ ਦੀ ਭਾਲ ਵਿੱਚ ਨੇ। ਇਸਲਈ ਇਸ ਸ਼ਹਿਰ ਵਿੱਚ ਇਸ ਵਕਤ ਬਾਹਰ ਨਿਕਲ ਕੇ ਘੁੰਮਣਾ ਖ਼ਤਰਨਾਕ ਸੀ। ਉਸਨੇ ਡਿੱਗੀ ਵਿੱਚ ਰਹਿ ਕੇ ਕੁਝ ਚਿਰ ਹੋਰ ਆਰਾਮ ਕਰਨ ਸੀ ਸੋਚੀ। ਫਿਲਹਾਲ ਖ਼ਤਰਾ ਇੱਕ ਵਾਰ ਟਲ ਗਿਆ ਸੀ ਪਰ ਨਾਲ ਹੀ ਓਹ ਥੱਕਿਆ ਹੋਇਆ ਸੀ । ਇਸਲਈ ਓਸਨੇ ਆਪਣੀ ਥਕਾਨ ਮਿਟਾਉਣ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਜਲਦੀ ਹੀ ਉਸ ਦਾ ਦਿਮਾਗ ਵਿੱਚ ਨੇ ਉਸ ਨੂੰ ਅਪਣੇ ਆਗੋਸ਼ ਵਿੱਚ ਲੈਂਦਿਆਂ ਉਸ ਨੂੰ ਉਸ ਜਗ੍ਹਾ ਲੈ ਗਿਆ ਜਿਥੋਂ ਏਹ ਸ਼ੁਰੂ ਹੋਈਆ ਸੀ, ਕਿਵੇਂ ਇੱਕ ਆਮ ਜ਼ਿੰਦਗੀ ਤੋਂ ਇੱਕ ਅਣਜਾਣ ਕਾਰ ਦੀ ਡਿੱਗੀ ਉਸ ਲਈ ਆਰਾਮਗਾਹ ਬਣ ਗਈ ਸੀ।

ਇਹ ਉਸ ਲਈ ਖੁਸ਼ੀ ਦਾ ਦਿਨ ਸੀ । ਉਸਨੇ ਹੁਣੇ ਹੀ ਉਸਨੇ ਇੱਕ ਨਾਮੀ ਕੰਪਨੀ ਲਈ ਆਪਣੀ ਨੌਕਰੀ ਦੀ ਇੰਟਰਵਿਊ ਪਾਸ ਕੀਤੀ ਸੀ ਅਤੇ ਅਗਲੇ ਹਫਤੇ ਉਸ ਦੀ ਦੂਸਰੇ ਸ਼ਹਿਰ ਵਿੱਚ ਨੌਕਰੀ ਲੱਗ ਗਈ ਸੀ। ਉਹ ਆਪਣੇ ਮਾਪਿਆਂ ਨੂੰ ਦੱਸਣਾ ਚਾਹੁੰਦਾ ਸੀ, ਪਰ ਉਹ ਇੱਕ ਵੱਖਰੇ ਸਮਾਂ ਖੇਤਰ ਵਿੱਚ ਸਨ । ਇਸ ਵਕਤ ਉੱਥੇ ਰਾਤ ਸੀ, ਇਸ ਲਈ ਉਸਨੇ ਸਵੇਰ ਤੱਕ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ।

ਓਹ ਅਪਣੇ ਕੰਨ ਤੇ ਏਅਰਪੌਡ ਲਗਾ, ਆਪਣੇ ਮਨਪਸੰਦ ਗੀਤ ਦੇ ਨਾਲ ਗੁਣਗੁਣਾਉਂਦਾ ਹੋਇਆ ਆਪਣੇ ਕਮਰੇ ਵੱਲ ਆ ਰਿਹਾ ਸੀ। ਅਚਾਨਕ ਉਸਨੇ ਅਪਣੇ ਵੱਲ ਆਉਂਦੀ ਲੋਕਾਂ ਭੀੜ ਦੇਖੀ । ਉਹਨੇ ਏਅਰਪੌਡ ਉਤਾਰੇ ਤਾਂ ਆਸ-ਪਾਸ ਚੀਖ-ਚਿੰਗਾੜਾ ਸੁਣਿਆ ਤਾਂ ਉਸਦੀ ਉਤਸੁਕਤਾ ਉਸ ਨੂੰ ਵਾਪਿਸ ਓਸ ਦਿਸ਼ਾ ਵੱਲ ਲੈ ਗਈ, ਜਿਧਰੋਂ ਭੀੜ ਨੱਠ ਰਹੀ ਸੀ। ਉਸਦੀ ਗ਼ਲਤੀ ਨਹੀਂ ਸੀ, ਏਹ ਉਸਦੀ ਜੈਨੇਟਿਕ ਪਹਿਚਾਣ ਸੀ, ਜਾਂ ਕਹਿ ਲਓ ਪਾਗਲਪਣ, ਜਿਸ ਅੱਗੇ ਉਹ ਬੇਬੱਸ ਸੀ। 

ਉਸਨੇ ਓਥੇ ਪਹੁੰਚ ਕੇ ਦੇਖਦਾ ਹੈ ਕਿ ਕਾਲੇ ਸੂਟ ਵਿਚ ਕੁਝ ਏਜੰਟ ਫੁੱਟਪਾਥ 'ਤੇ ਇਕ ਵਿਅਕਤੀ 'ਤੇ ਹਮਲਾ ਕਰ ਰਹੇ ਸਨ, ਕਦੇ ਕੋਈ ਉਸ ਨੂੰ ਲੱਤ ਮਾਰ ਰਿਹਾ ਸੀ ਅਤੇ ਕੋਈ ਮੁੱਕਾ। ਪਰ ਓਹ ਐਨੀ ਮਾਰ ਖਾਣ ਦੇ ਬਾਵਜੂਦ ਇਕੱਲਾ ਉਹਨਾਂ ਵਿੱਚ ਅੜਿਆ ਹੋਇਆ ਸੀ। ਓਹ ਵਾਪਸ ਉਨ੍ਹਾਂ ਨੂੰ ਜਵਾਬੀ ਹਮਲਾ ਨਾਲ ਟੱਕਰ ਦੇ ਰਿਹਾ ਸੀ ਪਰ ਗੈਂਗ ਦੀ ਗਿਣਤੀ ਜ਼ਿਆਦਾ ਸੀ ਤੇ ਓਹ ਇਕੱਲਾ। ਓਸਨੂੰ ਇਹ ਪਹਿਚਾਣ ਕਰਨ ਵਿੱਚ ਬਹੁਤੀ ਦੇਰੀ ਨਾ ਲੱਗੀ। ਏਹ ਏਜੰਟ "ਡਾਰਕ ਹੈਲਡਰ" ਦਾ ਹਿੱਸਾ ਸਨ, ਜੋ ਇੱਕ ਸ਼ਕਤੀਸ਼ਾਲੀ ਗੈਂਗ ਹੈ ਜਿਹਨਾਂ ਦਾ ਕ੍ਰਾਇਮ ਦੀ ਦੁਨੀਆਂ ਵਿੱਚ ਅਪਣੇ ਇੱਕ ਦਹਿਸ਼ਤਾਣਾ ਰੁਤਬੇ ਦੇ ਨਾਲ-ਨਾਲ ਰਾਜਨੀਤੀਕ ਸਮਰੱਥਾ ਅਤੇ ਆਧੁਨਿਕ ਹਥਿਆਰਬੰਦ ਆਰਮੀ ਲਈ ਜਾਣਿਆ ਜਾਂਦਾ ਹੈ। ਪਰ ਉਹ ਕੋਲ ਖਲੋਕੇ ਮੂਕ ਦਰਸ਼ਕ ਬਣ ਕੇ ਦੇਖਣਾ ਉਸਦੀ ਫਿਤਰਤ ਨਹੀਂ ਸੀ । ਉਸ ਨੇ ਅਪਣੇ ਨਜ਼ਦੀਕ ਉਸਾਰੀ ਵਾਲੀ ਥਾਂ ਤੇ ਕੁਝ ਪੱਥਰ, ਟੁੱਟੀਆਂ ਇੱਟਾਂ ਅਤੇ ਲੋਹੇ ਦੇ ਸਰੀਏ ਦੇ ਕੁੱਝ ਟੁਕੜੇ ਦੇਖੇ। ਉਸਨੇ ਚੀਖਦੇ ਹੋਏ ਕਿਹਾ, "ਉਸਨੂੰ ਛੱਡ ਦਿਓ! ਕਤੀੜੋ! ਜ਼ਿਆਦਾ ਜ਼ੋਰ ਅਜ਼ਮਾਇਸ਼ ਸ਼ੌਂਕ ਪਾਲਿਆ ਤਾਂ ਇਕੱਲਾ-ਇਕੱਲਾ ਪਾਓ ਪੇਚਾ ਅਪਣੇ ਜਵਾਈ ਨਾਲ!"
ਉਸ ਨੇ ਐਨਾ ਕਹਿੰਦੇ ਹੀ ਦੂਰੋਂ ਉਨ੍ਹਾਂ 'ਤੇ ਪੱਥਰ-ਇੱਟ-ਰੋੜਾ ਜੋ ਉਸਦੇ ਹੱਥ ਆਇਆ, ਵਗੵਾ ਮਾਰੀਆ। ਕੁੱਝ ਪਾਸੇ ਡਿੱਗੇ, ਕੁੱਝ ਕਿਸੇ ਦੇ ਵੱਜ ਕੇ। ਪਰ ਰੋੜੇ-ਇੱਟਾਂ ਦੀ ਇੱਕ ਵਾਰ ਉਸ ਨੌਜਵਾਨ ਨੇ ਝੜੀ ਲਗਾ ਦਿੱਤੀ ਜੋ ਕਿ ਪੀੜਤ ਲਈ ਇਕ ਕਵਰ ਫਾਇਰ ਦਾ ਕੰਮ ਕਰ ਗਈ । ਪੀੜਿਤ ਇਸਦਾ ਫਾਇਦਾ ਚੁੱਕ ਦਾ ਹੋਇਆ ਏਜੰਟਾਂ ਨੂੰ ਪਿੱਛੇ ਧੱਕਣ ਕਾਮਯਾਬ ਹੋ ਜਾਂਦਾ ਹੈ ।

ਏਧਰ ਨੌਜਵਾਨ ਨੇ ਵੀ ਇੱਟਾ ਦਾ ਚੱਠਾ ਹਿਲਾਤਾ ਬੇ-ਨਿਸ਼ਾਨਾ ਹੁੰਦੇ ਹੋਏ ਵੀ ਇੱਟਾਂ-ਰੋਡ਼ੇ ੨-੩ ਏਜੰਟਾਂ ਨੂੰ ਜ਼ਖਮੀ ਕਰ ਹੀ ਜਾਂਦੇ ਆ। ਏਜੰਟ ਹੈਰਾਨ ਹੁੰਦੇ ਆ ਅਤੇ ਗੁੱਸੇ ਵਿੱਚ ਵੀ ਆ ਜਾਂਦੇ ਆ। ਉਨ੍ਹਾਂ ਨੇ ਸ਼ਾਇਦ ਹੀ ਕਦੇ ਇੱਟਾਂ-ਰੋਡੇ ਦੀ ਅਜਿਹੀ ਝੜੀ ਦੇਖੀ ਹੋਣੀ ਤੇ ਓਹ ਵੀ ਅਣਜਾਣ ਰਾਹ ਜਾਂਦੇ ਸ਼ਕਸ ਤੋਂ, ਅਜਿਹੀ ਤਾਂ ਉਮੀਦ ਵੀ ਨਹੀਂ ਕੀਤੀ ਸੀ। ਨੌਜਵਾਨ ਦੇ ਸਹਿਯੋਗ ਨਾਲ ਪੀੜਿਤ ਨੇ ਵੀ ਜ਼ਬਰਦਸਤ ਮੁਕਾਬਲਾ ਕੀਤਾ। ਉਸਨੇ ਇੱਕ ਏਜੰਟ ਨੂੰ ਕਾਲਰ ਨਾਲ ਫੜ ਲਿਆ ਅਤੇ ਉਸਨੂੰ ਕੋਲ ਖੜੀ ਕਾਰ ਦੀ ਖਿੜਕੀ ਦੇ ਆਰ-ਪਾਰ ਲੰਘਾ ਦਿੱਤਾ । ਫਿਰ ਦੂਜੇ ਦੇ ਢਿੱਡ ਵਿੱਚ ਲੱਤ ਮਾਰੀ ਕਿ ਉਹ ਖੂਨ ਦੀ ਉਲਟੀ ਕਰਦਾ, ਜਮੀਨ ਤੇ ਡਿਗ ਪਿਆ। ਇਸ ਤਰ੍ਹਾ ਉਸ ਨੇ ਤੀਜੇ ਨੂੰ ਮੁੱਕਾ ਮਾਰਿਆ ਅਤੇ ਉਸ ਦੇ ਨੱਕ ਦੀ ਹੱਡੀ ਤੋੜ ਦਿੱਤੀ।

ਏਜੰਟ ਇਨ੍ਹੇ ਘਬਰਾ ਗਏ ਕਿ ਬਿਨਾਂ ਵਕਤ ਜਾਇਆ ਕੀਤੇ, ਹੱਥੋ-ਪਾਈ ਛੱਡ ਗੋਲੀਆਂ ਦਾਗਣ ਲਗੇ। ਇੱਕ ਗੋਲੀ ਪੀੜਤ ਦੀ ਖੋਪੜੀ ਵਿੱਚੋਂ ਲੰਘ ਗਈ ਅਤੇ ਉਹ ਬੇਜਾਨ ਹੋ ਕੇ ਜ਼ਮੀਨ ਤੇ ਡਿੱਗ ਪਿਆ।

ਨੌਜਵਾਨ ਨੇ ਗੁੱਸੇ ਵਿੱਚ ਚੀਕਿਆ, ਕੋਲ ਪਿਆ ਸਰਿਆ ਚੁੱਕ ਕੇ ਪੂਰੇ ਜ਼ੋਰ ਨਾਲ ਵਗਾਹ ਮਾਰਿਆ ਜੋ ਸ਼ੂਟਰ ਗਰਦਨ ਵਿਚੋਂ ਦੀ ਲੰਘ ਗਿਆ। ਸਰੀਏ ਨੇ ਅਪਣਾ ਕੰਮ ਕਰ ਦਿੱਤਾ ਸੀ, ਇਸਤੋਂ ਪਹਿਲਾਂ ਕਿ ਨੌਜਵਾਨ ਕੁੱਝ ਹੋਰ ਨੁਕਸਾਨ ਪਹੁੰਚਾਉਂਦਾ, ਬਾਕੀ ਏਜੰਟ ਵੀ ਗੰਨ ਫਾਇਰ ਕਰ ਉਸ ਨੂੰ ਨਿਸ਼ਾਨਾ ਬਣਾਉਣ ਲੱਗੇ । ਉਨ੍ਹਾਂ ਨੇ ਉਸ 'ਤੇ ਗੋਲੀਆਂ ਦੀ ਬੌਛਾਰ ਕਰ ਦਿੱਤੀ ਪਰ ਉਸਾਰੀ ਵਾਲੀ ਜਗ੍ਹਾ ਹੋਣ ਕਰਕੇ ਨੌਜਵਾਨ ਇੱਟਾਂ ਦੇ ਚੱਠੇ ਪਿੱਛੇ ਆੜ ਲੈਂਦਾ ਹੋਇਆ ਓਥੋਂ ਨਿਕਲਣ ਵਿੱਚ ਸਫਲ ਹੋ ਗਿਆ।

ਇਸ ਤਰ੍ਹਾਂ ਕਿਸਮਤ ਕਹੋ ਜਾਂ ਉਸਦਾ ਭਾਵਨਾਤਮਕ ਹੋਕੇ ਲਿਆ ਇੱਕ ਫੈਸਲਾ ਉਸਨੂੰ ਇੱਕ ਖੁਸ਼ ਮਿਜਾਜ਼ ਜ਼ਿੰਦਗੀ ਤੋਂ ਕਾਰ ਦੇ ਡਿੱਗੀ ਦੇ ਹਨੇਰੇ ਵੱਲ ਲੈ ਆਇਆ। ਇਸੇ ਨੂੰ ਸ਼ਾਇਦ ਜ਼ਿੰਦਗੀ ਕਹਿੰਦੇ ਹਨ, ਹਰ ਨਵਾ ਪਲ ਨਵੀ ਖੁਸ਼ੀ, ਹਰ ਪਲ ਨਵਾ ਦਰਦ। ਕੌਣ ਜਾਣਦਾ ਹੈ ਕਿ ਅਗਲੇ ਪਲ ਕਿਸ ਮੌੜ ਦੇ ਕੌਣ ਕਿਸੇ ਦੀ ਮੌਤ ਬਣਕੇ ਇੰਤਜ਼ਾਰ ਕਰ ਰਿਹਾ ਹੋਵੇ। ਇਸ ਪਹੇਲੀ ਦਾ ਕੋਈ ਸੁਲਝਾਅ ਨਹੀਂ । ਰਸਤਾ ਹਮੇਸ਼ਾ ਤਕਦੀਰ ਤਹਿ ਕਰਦੀ, ਪਰ ਕਦੇ ਇਲਜ਼ਾਮ ਵੀ ਅਪਣੇ ਸਿਰ ਤੇ ਨਹੀਂ ਆਉਣ ਦਿੰਦੀ ।

ਅਚਾਨਕ ਕਾਰ ਸਟਾਰਟ ਹੋਣ ਦੀ ਆਵਾਜ਼ ਉਸਦੇ ਕੰਨਾਂ ਵਿੱਚ ਜਾਂਦੀ ਤਾਂ ਉਸ ਨੂੰ ਵਾਪਸ ਹੋਸ਼ ਵਿੱਚ ਆਉਂਦਾ ਹੈ। ਕੋਈ ਕਾਰ ਨੂੰ ਚਲਾ ਰਿਹਾ ਸੀ, ਪਰ ਉਸਨੂੰ ਕੋਈ ਪਤਾ ਨਹੀਂ ਸੀ ਕਿ ਉਹ ਕੌਣ ਹੈ ਜਾਂ ਕਿੱਥੇ ਲੈ ਜਾ ਰਿਹਾ ਹੈ। ਜਦੋਂ ਓਸ ਡਰਾਇਵਰ ਨੂੰ ਨੌਜਵਾਨ ਬਾਰੇ ਪਤਾ ਚੱਲੇਗਾ ਤਾਂ ਕਿਵੇਂ ਦੀ ਪ੍ਰਤੀਕਿਰਿਆ ਕਰੇਗਾ? ਫਿਲਹਾਲ ਉਸ ਨੇ ਆਪਣਾ ਫ਼ੋਨ ਚੈੱਕ ਕੀਤਾ ਤਾਂ ਦੇਖਿਆ ਕਿ ਕਾਰ ਅਜੇ ਵੀ ਗੈਰਾਜ ਦੇ ਨੇੜੇ ਹੀ ਸੀ ਤੇ ਸਹਿਰ ਤੋਂ ਬਾਹਰ ਵੱਲ ਜਾ ਰਹੀ ਸੀ। ਲੇਕਿਨ ਉਸਨੇ ਕੁੱਝ ਦੇਰ ਚੁੱਪ ਰਹਿਣ ਦਾ ਫੈਸਲਾ ਕੀਤਾ ਤਾਂ ਕਿ ਉਹ ਗੈਰਾਜ ਤੋਂ ਦੂਰ ਚਲੇ ਜਾਣ ।

ਫਿਰ ਉਹ ਆਪਣੇ ਆਪ'ਤੇ ਮੁਸਕਰਾਇਆ, ਆਪਣੇ ਉਸ ਪਾਗਲਪਣ ਲਈ, ਆਪਣੇ ਨਿਹੱਥੇ ਹੋਣ ਦੇ ਬਾਵਜੂਦ ਵੀ ਡਾਰਕ ਹੈਲਡਰ ਦੇ ਏਜੰਟਾਂ ਦਾ ਸਾਹਮਣਾ ਕਰਨ ਦੀ ਹਿੰਮਤ ਜੁਟਾਉਣ ਲਈ । ਪਰ ਉਸਨੂੰ ਕੋਈ ਪਛਤਾਵਾ ਨਹੀਂ ਸੀ; ਉਸਨੇ ਉਸ ਬੇਕਸੂਰ ਆਦਮੀ ਨੂੰ ਬਚਾਉਣ ਲਈ ਆਪਣੀ ਪੂਰੀ ਵਾਅ ਲਗਾ ਦਿੱਤੀ ਸੀ, ਪਰ ਓਹ ਕਿਸਮਤ ਅੱਗੇ ਬੇਬੱਸ ਸੀ। ਫਿਰ ਵੀ ਇੱਕ-ਦੋ ਏਜੰਟਾਂ ਨੂੰ ਸਰੀਏ ਅਤੇ ਪੱਥਰਾਂ ਨਾਲ ਜ਼ਖਮੀ ਕੀਤਾ ਸੀ, ਜੋ ਕਿ ਕੋਈ ਮਾਮੂਲੀ ਗੱਲ ਨਹੀਂ ਰਹੀ ਸੀ। ਫਿਰ ਉਸ ਨੇ ਅਪਣੇ ਬੁੱਲ੍ਹਾਂ ਵਿੱਚ ਬੁੜਬੁੜਾਇਆ, "॥ ਸ਼੍ਰੀ ਅਕਾਲ ਸਹਾਇ ॥" ਤੇ ਵਾਪਿਸ ਅਪਣੇ ਏਅਰਪੌਡ ਲਗਾਏ । ਕਿਉਂ ਕਿ ਜ਼ਿੰਦਗੀ ਜੀਣ ਦੇ ੨ ਹੀ ਹੁੰਦੇ ਆ, ਇੱਕ ਲੰਘੇ ਵਕਤ ਤੇ ਅਪਣੇ ਨਿਰਣੈ ਲਈ ਰੋਵੋ, ਦੂਜਾ ਜੋ ਚੱਲ ਰਿਹਾ ਹੋਵੈ ਉਸ ਅਨੁਸਾਰ ਖੁਦ ਨੂੰ ਢਾਲ ਲਓ, ਜਦੋਂ ਹੁਣ ਪਿੱਛੇ ਮੁੜਨ ਦਾ ਰਸਤਾ ਨਹੀਂ ਸੀ, ਇਸ ਲਈ ਉਦਾਸ ਹੋਣ ਦਾ ਕੋਈ ਫਾਇਦਾ ਨਹੀਂ ਬਚਦਾ ।
ਇਹ ਅਕਾਲ ਦੀ ਕਿਰਪਾ ਸੀ ਜਿਸ ਨੇ ਉਸਨੂੰ ਨਾ ਸਿਰਫ਼ ਮੁਸਕਰਾਹਟ ਨਾਲ ਉਨ੍ਹਾਂ ਬਦਮਾਸ਼ਾਂ ਦਾ ਸਾਹਮਣਾ ਕਰਨ ਲਈ ਚੁਣਿਆ ਸੀ ਬਲਕਿ ਉਸਨੂੰ ਅਜਿਹੀ ਭੀੜ ਸਮੇਂ ਅਪਣਾ ਹੱਥ ਦੇ ਕੇ ਵੀ ਬਚਾਇਆ। ਅਜਿਹੇ ਅਪਣੇ ਵਿਚਾਰਾਂ ਦੀ ਸੋਚ ਵਿੱਚ ਖੁੱਭੇ ਹੋਏ ਉਸ ਨੋਜਵਾਨ ਲੇ ਕੇ ਕਾਰ ਰਾਤ ਦੇ ਹਨੇਰੇ ਵਿੱਚ ਲੁਪਤ ਹੋ ਗਈ ।

 ਅਧਿਆਇ ੧ ਦਾ ਅੰਤ

Comments

Popular posts from this blog

ਅਧਿਆਇ ੨: ਇਕ ਖਤਰਨਾਕ ਯਾਤਰਾ

ਰਾਤ ਦੇ ਹਨੇਰੇ ਵਿੱਚ ਅਜਿਹਾ ਲੱਗ ਰਿਹਾ ਸੀ ਜਿਵੇਂ ਕਾਰ ਸੜਕ 'ਤੇ ਨਹੀਂ, ਸਗੋਂ ਕੁਝ ਉਬੜ-ਖਾਬੜ ਟਿੱਬਿਆਂ 'ਤੇ ਚੱਲ ਰਹੀ ਹੋਵੇ। ਉਸਨੇ ਆਪਣੇ ਫੋਨ 'ਤੇ ਜਗ੍ਹਾ ਦੀ ਸਥਿਤੀ ਜਾਂਚੀ ਤਾਂ ਉਸਨੂੰ ਪਤਾ ਲੱਗਿਆ ਕਿ ਉਹ ਸ਼ਹਿਰ ਤੋਂ ਕਾਫੀ ਦੂਰ ਆ ਚੁੱਕੇ ਆ । ਸੜਕ ਅਸਮਤਲ ਸੀ ਅਤੇ ਡਰਾਈਵਰ ਵੀ ਕਾਰ ਨੂੰ ਸੱਪ ਵਾਂਗ ਚਲਾ ਰਿਹਾ ਸੀ, ਜਿਸ ਕਰਕੇ ਡਿੱਘੀ ਵਿੱਚ ਨੌਜਵਾਨ ਲਈ ਬਹੁਤ ਹੀ ਅਸਹਿਣਸ਼ੀਲ ਹੋ ਰਿਹਾ ਸੀ। ਉਸਨੇ ਆਪਣੇ ਏਅਰਪੌਡ ਹਟਾਏ, ਪਰ ਗੱਡੀ ਦੇ ਗੱਜਦੇ ਇੰਜਣ ਅਤੇ ਚੀਕਦੇ ਗਾਣਿਆ ਨੇ ਉਸਦਾ ਸਿਰ ਪੀੜ ਕਰਨ ਲਾ ਦਿੱਤਾ। ਸੜਕ ਤੇ ਲੰਘਦੀ ਆਵਾਜ਼ਾਈ ਦੇ ਸਾਧਨਾਂ ਦੇ ਹੌਰਨ ਵੀ ਇਸ ਸ਼ੋਰ ਦੇ ਅੱਗੇ ਫਿੱਕੇ ਲੱਗ ਰਹੇ ਸੀ। ਜਿਸ ਤੋਂ ਸਾਫ ਪਤਾ ਲੱਗਦਾ ਸੀ ਕਿ ਡਰਾਈਵਰ ਨੇ ਕੋਈ ਨਸ਼ੇ ਕੀਤਾ ਹੋਇਆ ਸੀ । ਓਹ ਪੂਰੀ ਤਰ੍ਹਾਂ ਨਾਲ ਅਪਣੇ ਹੋਸ਼ ਵਿੱਚ ਨਹੀਂ ਸੀ। ਫਿਰ ਵੀ ਨੌਜਵਾਨ ਨੇ ਡਰਾਈਵਰ ਦੀ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਕਾਰ ਰੋਕ ਦੇਵੇ। ਉਸਨੇ ਡਿੱਘੀ ਦੇ ਢੱਕਣ 'ਤੇ ਮੁੱਕੇ ਮਾਰੇ ਅਤੇ ਚੀਕਿਆ। ਪਰ ਡਰਾਈਵਰ ਆਪਣੀ ਹੀ ਦੁਨੀਆ ਵਿੱਚ ਗੁੰਮ ਸੀ। ਨਸ਼ੇ ਨੇ ਉਸਦੇ ਹੋਸ਼ ਉਡਾਏ ਹੋਏ ਸੀ। ਉਹ ਬੇਲੋੜੀ ਹੌਰਨ ਵਜਾ ਰਿਹਾ ਸੀ ਅਤੇ ਨਾਲ ਲੰਘ ਰਹੇ ਸਾਧਨਾਂ ਨੂੰ ਗਾਲਾਂ ਕੱਢ ਰਿਹਾ ਸੀ। ਉਸਨੇ ਅਪਣੇ ਸੰਗੀਤ ਦੀ ਆਵਾਜ਼ ਹੋਰ ਉੱਚੀ ਕਰ ਲਈ ਅਤੇ ਖੁੱਦ ਵੀ ਬੇਸੁਰੀ ਆਵਾਜ਼ ਵਿੱਚ ਗਾ ਕੇ ਆਨੰਦਿਤ ਹੋ ਰਿਹਾ ਸੀ। ਹੋਰ ਡਰਾਈਵਰ ਉਸਦੀ ਹਰਕਤ ਤੋਂ ਪਰੇਸ਼ਾਨ ਹੁੰਦ...

ਅਧਿਆਇ ੩: ਕਿਸਮਤ ਦੀ ਨਵੀਂ ਖੇਡ

ਇਸ ਭਿਆਨਕ ਧਮਾਕੇ ਦੀ ਗੜਗੜਾਹਟ ਸੁੰਨਸਾਨ ਵਾਦੀ ਦੀ ਚੁੱਪੀ ਨੂੰ ਚੀਰ ਗਈ। ਇਸ ਦੀ ਗੂੰਜ Glyffra ਗ੍ਰਹਿ ਦੀ, Zylxa ਦੇ ਕੰਨਾਂ ਤੱਕ ਪਹੁੰਚੀ । ਧਰਤੀ 'ਤੇ ਉਸਦੀ ਮੌਜੂਦਗੀ ਰਹੱਸਮਈ ਸੀ, ਉਸਦਾ ਮਿਸ਼ਨ ਹਨੇਰੇ ਅਤੇ ਗੁਮਨਾਮੀ ਵਿੱਚ ਡੁੱਬਿਆ ਹੋਇਆ ਸੀ। ਉਹ ਇੱਕ ਏ.ਆਈ. ਕਾਤਲ ਸੀ , ਜਿਸ ਕੋਲ ਸਵੈ-ਇਲਾਜ ਕਰਨ ਵਾਲੇ ਨੈਨੋਬੋਟਸ ਵਰਗੀ ਆਧੁਨਿਕ ਤਕਨੀਕ ਸੀ, ਉਹ ਜੈਵਿਕ ਅਤੇ ਮਕੈਨੀਕਲ ਸ਼ਮਤਾ ਦਾ ਸੁਮੇਲ ਸੀ, ਜੋ ਉਸਦੇ ਆਪਣੇ ਗ੍ਰਹਿ ਦੇ ਆਧੁਨਿਕ ਤਕਨੀਕੀ ਅਜੂਬਿਆਂ ਦਾ ਪ੍ਰਮਾਣ ਸੀ। ਉਸ ਦੇ ਮੱਥੇ ਦੇ ਸੁਨਹਿਰੀ ਬੈਂਡ ਤੋਂ ਇਲਾਵਾ ਜ਼ਾਇਲਕਸਾ ਗੂੜੇ ਨੀਲੇ ਸੁਰਮਈ ਰੰਗ ਦੇ ਇੱਕ ਸਲੀਕ ਪਹਿਰਾਵਾ ਵਿੱਚ ਸੀ। ਇੱਕ ਅਨੁਵਾਦਕ ਯੰਤਰ ਉਸਦੇ ਕੰਨ ਵਿੱਚ ਲੱਗਿਆ ਹੋਇਆ ਸੀ, ਜੋ ਉਸਦੇ ਸੰਸਾਰ ਅਤੇ ਸਾਡੇ ਸੰਸਾਰ ਵਿਚਕਾਰ ਭਾਸ਼ਾਈ ਖਾਈ (ਰੁਕਾਵਟ ) ਨੂੰ ਪੂਰਾ ਕਰਦਾ ਸੀ। ਧਰਤੀ 'ਤੇ ਉਸਦੀ ਆਮਦ ਚਾਹੇ ਰਹਸਮਈ ਸੀ ਪਰ ਧਰਤੀ ਨਾਲ ਉਸਦਾ ਨਾਤਾ ਬਹੁਤ ਹੀ ਖਾਸ ਸੀ ।  ਉਸਦਾ ਭਰਾ nyt'hon, ਜੋ ਕਦੇ ਖੁੱਦ glyffra ਗ੍ਰਹਿ ਵਿੱਚ ਨੈਕਰੋਸਿੰਡੀਕੇਟ ਦੇ ਜੈਨੇਟਿਕ ਤਸਕਰੀ ਦੇ ਜਾਲ ਵਿੱਚ ਫਸਿਆ ਹੋਇਆ ਸੀ। ਉਸਨੇ ਆਪਣੀ ਭੈਣ Zylxa ਦੀ ਆਜ਼ਾਦੀ ਲਈ ਖੁਦ ਨੂੰ ਕੁਰਬਾਨ ਕਰ ਦਿੱਤਾ ਸੀ। ਉਸ ਦੀ ਅੰਤਿਮ ਇੱਛਾ ਸੀ ਕਿ ਹੋਰਾਂ ਨੂੰ ਵੀ ਨੈਕਰੋਸਿੰਡੀਕੇਟ ਦੀ ਮੁੱਠੀ ਵਿੱਚੋਂ ਆਜ਼ਾਦ ਕਰਾਇਆ ਜਾਵੇ। ਇਸ ਮਕਸਦ ਨਾਲ ਉਸਨੇ Zylxa ਨੂੰ ਧਰਤੀ ਤੇ ਭੇਜਿਆ ਸੀ ਕਿ ਏਥੇ ਉਸ ਨੂੰ ਅਪਣੇ ਸਾਥੀ ਮਿਲਣ...