"ਸ਼ੁਕਰੀਆ kyko! ਚੱਲ ਉਹਨਾਂ ਦੀ ਮਦਦ ਕਰਦੇ ਆ।"
ਦੋਵੇਂ ਸਪੇਸ ਪੌਡ ਵੱਲ ਭੱਜ ਕੇ ਜਾਂਦੇ ਨੇ ।
ਸਪੇਸ ਪੌਡ ਦੇ ਟੁੱਟੇ ਹੋਏ ਢਾਂਚੇ ਵਿੱਚੋਂ ਭਾਪ ਨਿਕਲ ਰਹੀ ਸੀ । Zylxa ਅਤੇ ਅਮਰ ਸਾਵਧਾਨੀ ਨਾਲ ਉਸਦੇ ਨੇੜੇ ਗਏ ,
"ਹਥਿਆਰ ਤਿਆਰ ਰੱਖ। ਅਸੀਂ ਨਹੀਂ ਜਾਣਦੇ ਅੰਦਰ ਲੋਕ ਕਿਸ ਹਾਲਤ ਵਿੱਚ ਹੋਣਗੇ । ਕਈ ਵਾਰ ਡਰ ਵੀ ਇਨਸਾਨ ਨੂੰ ਕਾਤਲ ਬਣਾ ਦਿੰਦਾ ਆ।"
ਅਮਰ ਉਸਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ ।
ਪੌਡ ਦੀ ਹਾਲਤ ਤੋਂ ਪਤਾ ਚਲਦਾ ਸੀ ਟਕਰਾਅ ਬਹੁਤ ਭਿਆਨਕ ਸੀ । ਪਰ ਫਿਰ ਵੀ ਦੋ ਜ਼ਿੰਦਗੀਆਂ ਨੇ ਹਾਰ ਨਹੀਂ ਮੰਨੀ ਸੀ।
"ਇਸ ਦੇ ਦੀਵਾਰ ਤੇ ਦਰਵਾਜ਼ਾ ਇੱਕੋ ਜਿਹੇ ਮਜ਼ਬੂਤੀ ਰਖਦਾ ਹੈ। ਏਹ ਧਾਤੂ ਸਾਡੀ ਗਲੈਕਸੀ ਵਿੱਚ ਉਪਲੱਬਧ ਨਹੀਂ ਆ ।
"ਕੀ ਮਤਲਬ ਹੈ ਤੇਰਾ?"
"ਮਤਲਬ ਇਸ ਧਾਤੂ ਨੂੰ ਕੱਟਣ ਲਈ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੈ। ਇਸਲਈ ਇਸਨੂੰ ਖੋਲ੍ਹਣ ਲਈ ਅੰਦਰਲੀਆਂ ਜ਼ਿੰਦਗੀਆਂ ਨੂੰ ਪ੍ਰੇਰਿਤ ਕਰੋ । ਵਰਨਾ ਕੁੱਝ ਮਿੰਟਾਂ ਵਿੱਚ ਏਹ ਪੌਡ ਖੁੱਦ ਵਿਸਫੋਟ ਹੋ ਜਾਵੇਗਾ ।"
"ਹੀਰੇ ਨੂੰ ਹੀਰਾ ਕੱਟਦਾ ਹੈ ,ਲੋਹੇ ਨੂੰ ਲੋਹਾ । ਇਸ ਧਾਤੂ ਨੂੰ ਵੀ ਏਹੀ ਕੱਟੇਗੀ। ਸਾਨੂੰ ..."
ਅਮਰ ਖਿਲਰੇ ਹੋਏ ਟੁਕੜੇ ਇਕੱਠੇ ਕਰਦਾ ਹੈ, ਫਿਰ ਇੱਕ ਤਿੱਖਾ ਟੁਕੜਾ ਲੈ ਕੇ ਦਰਵਾਜ਼ੇ ਨੂੰ ਜੋੜ ਤੇ ਸੱਟ ਮਾਰਦਾ ਹੈ । Zylxa ਕਹਿੰਦੀ ਆ , "ਮੈਂਨੂੰ ਦੇ ਮੈਂ ਸੱਟ ਲਾਉਂਦੀ ਹਾਂ।"
"ਏਹ ਸੰਭਵ ਹੈ, ਪਰ... ਸ਼ਾਇਦ ਜ਼ਰੂਰਤ ਨਹੀਂ ।" kyko ਚੁੱਪ ਕਰ ਜਾਂਦੀ ਆ।
ਕੁੱਝ ਦੇਰ ਵਿੱਚ ਦਰਵਾਜ਼ਾ ਵਿੱਚ ਸੁਰਾਖ ਹੋ ਜਾਂਦਾ ਆ। Zylxa ਅਪਣੀ ਸੁਪਰ ਹੂਮਨ ਪਾਵਰ ਨਾਲ ਦਰਵਾਜ਼ੇ ਵਿੱਚ ਪਾੜ ਲਗਾਉਂਦੀ ਆ ਤੇ ਪੌਡ ਦੇ ਅੰਦਰ ਚਲੇ ਜਾਂਦੇ ਆ ।
ਧੂੰਏ ਅਤੇ ਈਮਰਜੈਂਸੀ ਲਾਈਟਾਂ ਦੀ ਝਿਲਮਿਲ ਵਿੱਚ, ਉਨ੍ਹਾਂ ਨੇ ਤਿੰਨ ਅਕਿਰਤੀਆਂ ਦੇਖੀਆਂ। ਇੱਕ ਮਰਦ ਲੇਟਿਆ ਹੋਇਆ ਸੀ, ਉਸਦੀ ਸਾਹ ਲੈਣ ਦੀ ਆਵਾਜ਼ ਹੌਲੀ-ਹੌਲੀ ਆ ਰਹੀ ਸੀ। ਉਸਦੇ ਕੋਲ ਇੱਕ ਬੱਚੀ ਕੰਪ ਰਹੀਆਂ ਉਂਗਲਾਂ ਨਾਲ ਉਸਦੇ ਜ਼ਖਮਾਂ ਨੂੰ ਦਬਾ ਰਹੀ ਸੀ, ਨੀਲੇ ਰੰਗਾ ਖੂਨ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਛੋਟਾ ਮੁੰਡਾ ਉਸਦੇ ਸਾਹਮਣੇ ਖੜਾ ਸੀ, ਇੱਕ ਵੱਡਾ ਹਥਿਆਰ ਫੜੇ ਹੋਏ, ਜੋ ਉਸਦੇ ਹੱਥਾਂ ਲਈ ਬਹੁਤ ਵੱਡਾ ਸੀ। ਉਸ ਦੀਆਂ ਵੱਡੀਆਂ ਅੱਖਾਂ ਕਦੇ ਜ਼ਿਲਕਸਾ, ਕਦੇ ਅਮਰ ਵੱਲ ਝਪਕ ਰਿਹਾ ਸੀ । ਉਨ੍ਹਾਂ ਦਾ ਡਰ ਸਾਫ ਝਲਕ ਰਿਹਾ ਸੀ।
ਅਮਰ ਨੇ ਆਪਣੇ ਹੱਥ ਦੇ ਇਸ਼ਾਰੇ ਨਾਲ ਕਿਹਾ “ਸ਼ਾਂਤ ਹੋ ਜਾ, ਬੱਚੇ। ਅਸੀਂ ਨੁਕਸਾਨ ਪਹੁੰਚਾਉਣ ਨਹੀਂ ਆਏ।”
ਜ਼ਿਲਕਸਾ, ਜੋ ਹਮੇਸ਼ਾ ਜੁਬਾਨ ਨਾਲੋਂ ਜ਼ਿਆਦਾ ਹੱਥ ਚਲਾਉਣ ਵਿੱਚ ਵਿਸ਼ਵਾਸ ਕਰਦੀ ਆ, ਇੱਕ ਤੇਜ਼ ਹਲਚਲ ਨਾਲ ਮੁੰਡੇ ਨੂੰ ਨਿਸ਼ਸਤ੍ਰ ਕਰ ਦਿੰਦੀ ਆ। ਹਥਿਆਰ ਫਰਸ 'ਤੇ ਲੁੜ੍ਹਕਦਾ ਦੂਰ ਜਾ ਡਿੱਗਦਾ ਆ।
“ਤੂੰ ਇਹ ਚਲਾਉਣ ਲਈ ਬਹੁਤ ਛੋਟਾ ਹੈਂ” ਉਸਨੇ ਕਿਹਾ।
ਮੁੰਡਾ ਝਿਜਕਿਆ, ਪਰ ਪਿੱਛੇ ਨਹੀਂ ਹਟਿਆ—ਉਸਦੀ ਅਕੜ ਉਸਦੇ ਚਿਹਰੇ 'ਤੇ ਝਲਕ ਰਹੀ ਸੀ।
"ਬੱਚੇ ਸਦਮੇ ਵਿੱਚ ਆ , ਇਨ੍ਹਾਂ ਨੂੰ ਡਰਾ ਨਾ "
"ਚੰਗਾ ਤੂੰ ਇਨ੍ਹਾਂ ਨੂੰ ਲੈ ਕੇ ਬਾਹਰ ਚੱਲ । ਮੈਂ ਇਸ ਨੂੰ ਲੈ ਕੇ ਆਉਣੀ ਆ। "
Zylxa ਨੇ ਅਮਰ ਨੂੰ ਇਸ਼ਾਰਾ ਕੀਤਾ ਕਿ ਉਹ ਦੋਨੋ ਬੱਚਿਆਂ ਨੂੰ ਬਾਹਰ ਲੈ ਜਾਵੇ। ਉਨ੍ਹਾਂ ਨੇ ਵਿਰੋਧ ਜਿਤਾਇਆ, ਪਰ ਉਸ ਮਰਦ ਦੇ ਇਸ਼ਾਰੇ ਨਾਲ ਚੱਲਣ ਲਈ ਰਾਜ਼ੀ ਹੋ ਜਾਂਦੇ ਆ।
ਜਿੱਦਾਂ ਹੀ ਓਹ ਬਾਹਰ ਨਿਕਲਦੇ ਆ । ਪਿੱਛੇ ਪੌਡ ਨੂੰ ਅੱਗ ਪੈ ਜਾਂਦੀ ਆ।
"ਤੁਸੀਂ ਏਥੇ ਰੁਕੋ, ਮੈਂਨੂੰ Zylxa ਦੀ ਮੱਦਦ ਕਰਨ ਲਈ ਜਾਣਾ ਪੈਣਾ ।" ਅਮਰ ਵਾਪਸ ਪੌਡ ਵੱਲ ਜਾਣ ਲੱਗਦਾ ਆ ਪਰ Zylxa ਇਕੱਲੀ ਬਾਹਰ ਆਉਂਦੀ ਆ । ਪਿੱਛੇ ਹੀ ਪੌਡ ਵਿਸਫੋਟ ਹੋ ਜਾਂਦਾ ਹੈ ।
ਇੱਕ ਭਿਆਨਕ ਗੂੰਜ ਨੇ ਦੁਬਾਰਾ ਧਰਤੀ ਨੂੰ ਹਿਲਾ ਦਿੱਤਾ, ਅੱਗ ਅਤੇ ਪਾਣੀ ਦੀ ਛੱਲ ਉੱਡ ਗਈ। ਅਮਰ ਸੰਤੁਲਨ ਗਵਾ ਬੈਠਦਾ, ਤੇ ਜਮੀਨ ਤੇ ਡਿੱਗ ਪੈਂਦਾ। ਫਿਰ ਓ ਤੁਰੰਤ ਉੱਠ ਕੇ ਬੱਚਿਆਂ ਨੂੰ ਲੈ ਨਜ਼ਦੀਕੀ ਵੱਡੇ ਦਰਖ਼ਤ ਦੇ ਓਹਲੇ ਚਲਾ ਜਾਂਦਾ । ਬੱਚੇ ਉਸਨੂੰ ਫੜੇ ਹੋਏ ਹੁੰਦੇ ਨੇ ਪਰ ਡਰ ਨਾਲ ਕੰਬ ਰਹੇ ਹੁੰਦੇ ਆ।
ਉਸ ਹੜਬੜੀ ਵਿੱਚ ਜ਼ਿਲਕਸਾ ਨੇ ਖੁੱਦ ਦਰਿਆ ਵਿੱਚ ਕੁੱਦ ਕੇ ਅਪਣੀ ਜਾਨ ਬਚਾਈ ।
ਕੁੱਝ ਸਮੇਂ ਬਾਅਦ ਓਹ ਦਰਿਆ ਵਿੱਚੋਂ ਬਾਹਰ ਆਈ ।
“ਤੂੰ ਠੀਕ ਹੈਂ?” ਅਮਰ ਨੇ ਪੁੱਛਿਆ ।
"ਹਾਂ, ਕੀ ਬੱਚੇ ਸੁਰੱਖਿਅਤ ਆ ?"
ਅਮਰ ਨੇ ਸਿਰ ਹਿਲਾ ਹਾਮੀ ਭਰੀ, "ਹਾਂ, ਪਰ ਡਰੇ ਹੋਏ ਨੇ ।"
ਉਸਨੇ ਅੱਗ ਲੱਗੀ ਪੌਡ ਵੱਲੋਂ ਮੂੰਹ ਮੋੜਿਆ ।
“ਖੈਰ, ਚਲੋ! ਅਸੀਂ ਝਰਨੇ ਵੱਲ ਚਲਦੇ ਆ।”
"ਤੂੰ ਉਸ ਨੂੰ ..."
"ਹਾਂ, ਏਹੀ ਓਹਦੀ ਆਖਿਰੀ ਖੁਆਇਸ਼ ਸੀ, ਓਹ ਨੂੰ ਸ਼ਾਇਦ ਵਿਸਫੋਟ ਬਾਰੇ ਪਹਿਲਾਂ ਹੀ ਪਤਾ ਸੀ । ਓਹ ਜਲ ਕੇ ਮਰਨ ਨਾਲੋਂ ਇੱਕ ਸ਼ਾਂਤ ਮੌਤ ਚਾਹੁੰਦਾ ਸੀ । ਇਸ ਤੋਂ ਜ਼ਿਆਦਾ ਮੈਂ ਉਸ ਲਈ ਕੁੱਝ ਨਹੀਂ ਕਰ ਸਕਦੀ ਸੀ ।"
"ਹਾਂ, ਮੈਂ ਸਮਝ ਸਕਦਾ ਹਾਂ।"
"ਇਹ ਬੱਚੇ ਪੈਦਾ ਨਹੀਂ ਹੋਏ, ਏਹ ਪ੍ਰਯੋਗੀ ਸੰਪਤੀ ਵਜੋਂ ਲੈਬ ਵਿੱਚ ਤਿਆਰ ਕੀਤੇ ਗਏ ਨੇ।"
ਕੁੜੀ ਨੇ ਡਰਦੇ ਹੋਏ ਕਿਹਾ, “ਨਹੀਂ, ਏਹ ਝੂਠ ਆ । ਮੈਂ Wexy ਹਾਂ।” ਉਸਨੇ ਮੁੰਡੇ ਵੱਲ ਇਸ਼ਾਰਾ ਕੀਤਾ। “ਇਹ Rondo ਹੈ। ਅਸੀਂ ਜ਼ਿੰਦਾ ਆ। ਕਿਰਪਾ ਕਰਕੇ ਸਾਨੂੰ ਜੀਣ ਦਿਓ।”
"Wexy! ਡਰੋ ਨਾ ਬੱਚੇ। ਤੁਸੀਂ ਸਾਡੇ ਨਾਲ ਬਿੱਲਕੁਲ ਸੁਰੱਖਿਅਤ ਹੋ ।" ਅਮਰ ਨੇ ਦਿਲਾਸਾ ਦਿੰਦੇ ਹੋਏ ਕਿਹਾ।
ਫਿਰ Wexy ਨੇ ਆਵਾਜ਼ ਕੰਬਦੀ ਹੋਈ ਆਵਾਜ਼ ਵਿੱਚ ਕਿਹਾ “ਓਹ ਸਾਨੂੰ ਮਾਰਨਾ ਚਾਹੁੰਦੇ ਸੀ । ਓਹ ਕਹਿੰਦੇ ਸੀ ਸਾਡੀ ਪੈਦਾਇਸ਼ ਕੁਦਰਤ ਦੇ ਨਿਯਮ ਦੇ ਖਿਲਾਫ ਹੋਈ ਆ। ਇਸਲਈ ਸਾਨੂੰ ਅਯਾਮੀ ਪੋਰਟਲ ਰਾਹੀਂ ਏਥੇ ਸੁੱਟ ਦਿੱਤਾ।
Zylxa ਨੇ ਅਮਰ ਵੱਲ ਤੱਕਿਆ। ਫਿਰ Wexy ਤੇ Rondo ਨੂੰ ਅਪਣੇ ਕੋਲ ਸੱਦਿਆ ਤੇ ਬਾਹਾਂ'ਚ ਲੈ ਲਿਆ । ਉਸਦੀਆਂ ਅੱਖਾਂ ਵਿੱਚ ਹੰਝੂ ਸੀ । ਜੋ ਕਿ ਅਮਰ ਨੂੰ ਹੁਣ ਤੱਕ ਪਹਿਲੀ ਵਾਰ ਦੇਖੇ ਸੀ ।
"ਮੈਂ ਹਾਂ kyko! ਅਪਣੇ ਨਵੇਂ ਰੂਪ ਵਿੱਚ ।"
"ਸਾਨੂੰ ਏਥੋਂ ਇਸ ਧਾਤੂ ਦੇ ਟੁਕੜੇ ਨਾਲ ਲੈ ਲੈਣੇ ਚਾਹੀਦੇ ਹਨ । ਇਸਤੋਂ ਚੰਗੇ ਹਥਿਆਰ ਤੇ ਔਜ਼ਾਰ ਬਣ ਸਕਦੇ ਹੈ ।"
"ਹੋਰ ਕੋਈ ਹੁਕਮ ਮੇਰੇ ਆਕਾ ।" ਅਮਰ ਨੇ ਮਜ਼ਾਕੀਆ ਢੰਗ ਨਾਲ ਕਿਹਾ। ਜਿਸ ਤੇ ਸਾਰੇ ਹੱਸ ਪੈਂਦੇ ਆ।
ਫਿਰ ਓਹ ਪੌਡ ਦੇ ਟੁਕੜੇ ਇਕੱਠੇ ਕਰਕੇ ਝਰਨੇ ਵੱਲ ਚੱਲ ਪੈਂਦੇ ਆ ।
ਜਦ ਉਹ ਝਰਨੇ ਤੱਕ ਪਹੁੰਚੇ, ਸੂਰਜ ਢਲ ਰਿਹਾ ਸੀ।
"kyko! ਇਲਾਕਾ ਸਕੈਨ ਕਰਕੇ ਕੋਈ ਸੁਰੱਖਿਅਤ ਟਿਕਾਣਾ ਦੱਸ।" Zylxa ਨੇ ਰੁੱਕ ਕੇ ਪੁੱਛਿਆ ।
"ਸਾਹਮਣੇ ਇੱਕ ਪਾਸੇ ਏਹ ਪਹਾੜ ਇੱਕ ਕੁਦਰਤੀ ਚਟਾਨੀ ਕੰਧ ਵਰਗਾ, ਦੂਜੇ ਪਾਸੇ ਸੰਘਣੇ ਦਰੱਖ਼ਤ। ਅਗਲੀ ਪਾਸੇ ਝਰਨਾ ਦੇ ਪਾਣੀ ਦਾ ਬਹਾਵ, ਜੋ ਇੱਕ ਤਰ੍ਹਾਂ ਨਾਲ ਅਦਿੱਖਤਾ ਪ੍ਰਦਾਨ ਕਰਦਾ ਹੈ ਤੇ ਨਾਲ ਹੀ ਥੋੜ੍ਹਾ ਉੱਚਾ ਜਗ੍ਹਾ ਕਰਕੇ ਦੂਰ ਤੱਕ ਨਿਗਰਾਨੀ ਵੀ ਕਰ ਸਕਦੇ ਹੋ ।"
“ਹਾਂ! ਏਹ ਠੀਕ ਰਹੇਗਾ,” Zylxa ਨੇ ਹਾਮੀ ਭਰੀ।
“ਤੂੰ ਇੱਥੇ ਰਹਿਣ ਦੀ ਯੋਜਨਾ ਬਣਾ ਰਹੀ ਹੈਂ?” ਅਮਰ ਨੇ ਉਤਸੁਕਤਾ ਨਾਲ ਪੁੱਛਿਆ ।
“ਸਾਡੇ ਨਾਲ ਬੱਚੇ ਹਨ। ਉਨ੍ਹਾਂ ਨੂੰ ਪਨਾਹ ਚਾਹੀਦੀ। ਮੈਨੂੰ ਵਰਕਸ਼ਾਪ ਚਾਹੀਦੀ। ਵਾਪਿਸ ਜਾਣ ਕੋਈ ਰਸਤਾ ਵੀ ਫਿਲਹਾਲ ਦਿਖਾਈ ਦੇ ਰਿਹਾ। ਹੋਰ ਕਿੰਨਾ ਸਮਾਂ ਭੱਜਦੇ ਰਹਿਣਾ ਹੈ?”
ਉਸਨੇ ਜਵਾਬ ਦੀ ਉਡੀਕ ਨਾ ਕਰਦੇ ਹੋਏ, ਪਲਾਜ਼ਮਾ ਕਟਰ ਕੱਢਿਆ ਅਤੇ ਚਟਾਨ 'ਚ ਕੱਟਣਾ ਸ਼ੁਰੂ ਕੀਤਾ। ਕੱਟਣ ਦੀ ਰੋਸ਼ਨੀ ਪੱਥਰ 'ਤੇ ਚਮਕ ਰਹੀ ਸੀ।
"ਏਹ ਪਲਾਜ਼ਮਾ ਕਟਰ ਤੈਨੂੰ ਕਿੱਥੋਂ ਮਿਲਿਆ? "
Zylxa ਬਿਨਾਂ ਜਵਾਬ ਦਿੱਤੇ ਚੱਟਾਣ ਕੱਟਦੀ ਰਹੀ । ਜਲਦੀ ਹੀ ਉਸਨੇ ਇੱਕ ਦਰਵਾਜ਼ਾਨੁਮਾ ਸੁਰਾਖ ਬਣਾ ਦਿੱਤਾ। ਫਿਰ ਉਸਨੇ ਅੰਦਰੂਨੀ ਹਿੱਸਾ ਕੱਟਣਾ ਸ਼ੁਰੂ ਕੀਤਾ।
“ਸਵਾਲ ਕਰਦਾ ਰਹੇਂਗਾ ਜਾਂ ਕੁਝ ਮਦਦ ਵੀ ਕਰੇਂਗਾ ?”
“ਤੁਸੀਂ ਸਾਡੇ ਹੁਕਮਰਾਨ ਹੋ ਜੀ। ਤੁਹਾਡੇ ਹੁਕਮ ਦੀ ਤਮੀਲ ਕਰਨੀ ਸਾਡਾ ਫਰਜ਼ ਹੈ ਜੀ।"
Zylxa ਘੂਰਦੀ ਹੋਈ ਅਮਰ ਨੂੰ ਪਲਾਜ਼ਮਾ ਕੱਟਰ ਫੜਾਉਂਦੀ ਆ। ਅਮਰ ਨੂੰ ਕੱਟਰ ਭਾਰੀ ਮਹਿਸੂਸ ਹੁੰਦਾ ਆ। ਉਹ ਬੁੜਬੜਾਉਂਦਾ ਹੈ,"
ਇਸ ਤੋਂ ਕੋਈ ਭਾਰਾ ਨਹੀਂ ਸੀ?"
Zylxa ਗੁੱਸੇ ਵਿਚ ਅਪਣੇ ਮੂੰਹ ਵਿਚ ਹੀ ਕੁੱਝ ਬੁੜਬੜਾਉਂਦੀ ਦੁਬਾਰਾ ਕੱਟਣ ਲੱਗ ਜਾਂਦੀ ਆ। ਬੱਚੇ ਵੀ ਹੱਸਣ ਲਗ ਜਾਂਦੇ ਆ।
"ਮੈ ਹਾਂ Kyko! ਇਸ ਝਰਨੇ ਦੇ ੨੩° ਦੱਖਣ ਵਿੱਚ ੭੦ ਮੀਲ ਤੇ ਕੁੱਝ ਅਜੀਬ ਸਿਗਨਲ ਮਿਲ ਰਿਹਾ ਆ। ਪਰ ਕੋਈ ਪੁਖਤਾ ਨਹੀਂ ਆ ਕਿ ਕੋਈ ਜ਼ਿੰਦਗੀ ਹੈ, ਕੋਈ ਜਾਨਵਰ ਹੈ ਜਾਂ ਕੋਈ ਖਤਰਾ।
"ਠੀਕ ਆ, ਇਹ ਗੁਫ਼ਾ ਤਾਂ ਬਸ ਤਿਆਰ ਹੋਈ ਲੈ।" ਤੇ ਓਹ ਜਲਦੀ ਨਾਲ ਕਟਾਈ ਕਰਨ ਲਗ ਜਾਂਦਾ ਹੈ। ਜਿਸ ਨੂੰ ਦੇਖ ਕੇ ਸਾਰਿਆਂ ਦੇ ਚਿਹਰਿਆ ਦੇ ਦੁਬਾਰਾ ਮੁਸਕਾਨ ਆ ਜਾਂਦੀ ਐ ।
Wexy, Rondo ਵੱਲ ਮੁੜ ਕੇ ਕਹਿੰਦੀ ਆ, “ਚੰਗਾ, ਆਪਾਂ ਵੀ ਮਦੱਦ ਕਰੀਏ ।"
"ਅਸੀਂ ਕੀ ਕਰੀਏ?"
"ਤੁਸੀਂ ਅਜੇ ਬੱਚੇ ਹੋ। kyko ਨਾਲ ਗੱਲਾਂ ਮਾਰੋ !"
"ਹੂ! ਮੈਂ ਹਾਂ kyko! ਮੈਂ ਬੱਚਿਆਂ ਨਾਲ ਗੱਲਾਂ ਮਾਰਨ ਲਈ ਪ੍ਰੋਗ੍ਰਾਮ ਨਹੀਂ ਹੋਈ।"
"ਖੈਰ! ਮੈਂ ਹਾਂ kyko!"
ਬੱਚੇ ਵੀ ਹੱਸ ਪੈਂਦੇ ਆ।
ਸੂਰਜ ਢਲਣ ਤੋਂ ਪਹਿਲਾਂ ਹੀ Zylxa ਤੇ ਅਮਰ ਪਹਾੜ ਨੂੰ ਅੰਦਰੋਂ ਕੱਟ ਕੇ ਗੁਫਾਨੁਮਾ ਆਕਾਰ ਦੇ ਦਿੰਦੇ ਆ। ਇੱਕ ਵੱਡਾ ਚਟਾਨੀ ਪੱਥਰ Zylxa ਤੇ ਅਮਰ ਖਿੱਚ ਕੇ ਦਰਵਾਜ਼ੇ ਦਾ ਸੁਰਾਖ ਅੱਧਾ ਕੁ ਬੰਦ ਕਰ ਦਿੰਦੇ ਆ ।
Wexy ਤੇ Rondo ਰਸਤੇ 'ਚ ਇਕੱਠਾ ਕੀਤਾ ਸਮਾਨ— ਸਪੇਸ ਪੌਡ ਦੇ ਟੁਕੜੇ, ਫਲ ਵਗੈਰਾ ਜੋ ਵੀ ਲਾਭਦਾਇਕ ਸੀ, ਗੁਫਾ ਅੰਦਰ ਲੈ ਜਾਂਦੇ ਆ।
ਸੂਰਜ ਢਲਣ ਨਾਲ ਹੀ ਹਨੇਰਾ ਪਸਰ ਗਿਆ । Zylxa ਨੇ ਟੁਟੇ ਹੋਏ ਕੁੱਝ ਫਿਊਲ ਕੋਇਲ ਲੈ ਕੇ ਟਾਰਚ ਬਣਾਈ। ਫਿਰ ਟਾਰਚ ਜਗਾ ਬੱਚਿਆਂ ਨੂੰ ਪ੍ਰੋਟੀਨ ਬਾਰ ਖਾਣ ਲਈ ਦਿੱਤੇ ।
ਅਮਰ ਨੂੰ ਫਲ ਫੜ੍ਹਾ ਕਿ ਖੁੱਦ ਵੀ ਫਲ ਖਾਣ ਲੱਗੀ ।
"ਵਾਹਿਗੁਰੂ! ਮੇਰੇ ਹਿੱਸੇ ਦਾ ਦਾਣਾ-ਪਾਣੀ ਪਤਾ ਨਹੀਂ ਕਿਸ-ਕਿਸ ਕੋਨੇ ਵਿੱਚ ਖੜ੍ਹ ਕੇ ਖਿਲਾਰਿਆ, ਅੱਜ ਇਸ ਧਰਤੀ ਤੇ ਵੀ ਖਾਣ ਆਉਣਾ ਪਿਆ।" ਅਮਰ ਨੇ ਠੰਡਾ ਹਾਉਂਕਾ ਭਰ ਦੇ ਹੋਏ ਕਿਹਾ।
"ਤੂੰ ਕਿਸ ਨਾਲ ਗੱਲ ਕਰ ਰਿਹਾ?" Zylxa ਨੇ ਉਤਸੁਕਤਾ ਨਾਲ ਪੁੱਛਿਆ ।
"ਮੈਂ ਹਾਂ kyko! ਜ਼ਿੰਦਗੀ ਵਿੱਚ ਐਨਾ ਕੁੱਝ ਵਾਪਰਨ ਤੋਂ ਬਾਅਦ ਵੀ ਅਗਰ ਤੁਸੀਂ ਜ਼ਿੰਦਾ ਹੋ, ਤੁਹਾਨੂੰ ਕੁਝ ਦੇ ਰਿਹਾ ਹੋਵੇ। ਫਿਰ ਗਿਲੇ ਨਹੀਂ ਸ਼ੁਕਰਾਨਾ ਕਰਨਾ ਚਾਹੀਦਾ।"
"ਇੱਕ kyko, ਦੂਜਾ ਸਾਈਕੋ । ਦੋਨੋ ਮੇਰੀ ਸੋਚ ਤੋਂ ਪਰੇ ਆ। ਆਜੋ ਬੱਚਿਓ ,ਆਪਣੇ ਪੱਲੇ ਨਹੀਂ ਪੈਣੀ ਐਨਾ ਦੀ ਗੱਲ ,ਆਪਾਂ ਸੌਣੇ ਆ। "
ਅਗਲੇ ਹੀ ਛਣ ਗੁਫ਼ਾ ਵਿੱਚ ਚੁੱਪਚਾਂਦ ਪਸਰ ਜਾਂਦੀ ਆ ।
ਅਧਿਆਇ ੭ ਦਾ ਅੰਤ
Comments